ਘੱਗਰ ਦੀ ਜੜ੍ਹ ਤੋਂ ਵੇਖੋ ਤਸਵੀਰਾਂ..

ਹੜ੍ਹਾਂ ਨੇ ਸਾਰੇ ਪਾਸੇ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਨਾਲ ਲੋਕਾਂ ਦੇ ਘਰ, ਖੇਤ ਬਰਬਾਦ ਹੋ ਗਏ ਹਨ। ਹੜ੍ਹਾਂ ਨਾਲ ਪੰਜਾਬ ਵਿਚ ਹੁਣ ਤੱਕ ਕੁਲ 41 ਲੋਕਾਂ ਦੀ ਮੌਤ ਹੋ ਗਈ। ਹੜ੍ਹਾਂ ਨੇ ਗੁਆਂਢੀ ਸੂਬੇ ਹਰਿਆਣੇ ਵਿਚ ਵੀ ਤਬਾਹੀ ਮਚਾਈ ਹੈ। ਘੱਗਰ ਦਰਿਆ ਦਾ ਪਾਣੀ ਇਸ ਸਮੇਂ ਉਫਾਨ ‘ਤੇ ਹੈ। ਦਰਿਆ ਦੇ ਪਾਣੀ ਨੇ ਕਈ ਇਲਾਕਿਆਂ ਵਿਚ ਮਾਰ ਕੀਤੀ ਹੈ। ਫਤਿਹਾਬਾਦ ਦੇ ਰਤਿਆ ਕੋਲੋਂ ਦਰਿਆ ਵਿਚੋਂ ਇਕ ਨਵ- ਵਿਆਹੇ ਜੋੜਾ ਰੁੜ੍ਹ ਗਿਆ,ਜਿਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਨੇ ਬਾਹਰ ਕੱਢਿਆ ਹੈ। ਇਹ ਦੋਵੇਂ ਦਰਿਆ ਵਿਚ ਰੁੜ੍ਹ ਕੇ ਆਏ ਦੱਸੇ ਜਾ ਰਹੇ ਹਨ। ਦੋਵਾਂ ਨੂੰ ਪਿੰਡ ਦੇ ਲੋਕਾਂ ਨੇ ਬਾਹਰ ਕੱਢਿਆ। ਪਾਣੀ ਵਿਚੋਂ ਬਾਹਰ ਕੱਢਣ ਤੋਂ ਬਾਅਦ ਮੁਢਲੀ ਸਹਾਇਤੀ ਦਿਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਤੀ ਪਤਨੀ ਦੇ ਸਾਹ ਚੱਲ ਰਹੇ ਸਨ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਮਾਨਸਾ ਜ਼ਿਲ੍ਹੇ ਵਿੱਚ ਘੱਗਰ ਦੇ ਚਾਂਦਪੁਰਾ ਬੰਨ੍ਹ ਸਮੇਤ ਕਈ ਹੋਰ ਬੰਨ੍ਹਾਂ ਦੇ ਟੁੱਟਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਨੂੰ ਮਿਲਾਉਣ ਵਾਲੇ ਦੋ ਕੌਮੀ ਮਾਰਗ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਏ ਹਨ। ਇਨ੍ਹਾਂ ਵਿੱਚ ਲੁਧਿਆਣਾ-ਸਿਰਸਾ ਵਾਇਆ ਮਾਨਸਾ ਅਤੇ ਬੁਢਲਾਡਾ ਤੋਂ ਰਤੀਆ ਫ਼ਤਿਆਬਾਦ ਮਾਰਗ ਸ਼ਾਮਲ ਹਨ ਜਿਸ ਕਾਰਨ ਹਰਿਆਣਾ, ਰਾਜਸਥਾਨ ਅਤੇ ਦਿੱਲੀ ’ਚੋਂ ਵਪਾਰਕ ਸਾਮਾਨ ਨੂੰ ਲਿਆਉਣ ਤੇ ਭੇਜਣ ਲਈ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ। ਇਨ੍ਹਾਂ ਵੱਡੀਆਂ ਸੜਕਾਂ ਉਤੇ ਪਾਣੀ ਆਉਣ ਕਾਰਨ ਮੁੱਖ ਮਾਰਗਾਂ ਨੂੰ ਬੰਦ ਕੀਤਾ ਗਿਆ ਹੈ। ਇਨ੍ਹਾਂ ਮਾਰਗਾਂ ’ਤੇ ਹੁਣ ਦੋਨੋਂ ਸੂਬਿਆਂ ਦੀ ਬੱਸ ਸੇਵਾ ਵੀ ਪ੍ਰਭਾਵਤ ਹੋ ਗਈ ਹੈ। ਅੱਜ ਕੁੱਝ ਕੁ ਬੱਸਾਂ ਲਿੰਕ ਰੋਡ ਰਾਹੀਂ ਸਿਰਸਾ ਅਤੇ ਫ਼ਤਿਆਬਾਦ ਨੂੰ ਆਈਆਂ ਤੇ ਗਈਆਂ। ਉਧਰ ਪੂਰੇ ਜ਼ਿਲ੍ਹੇ ਦੇ 17 ਪਿੰਡਾਂ ਵਿੱਚ ਹੁਣ ਤੱਕ ਹੜ੍ਹ ਦਾ ਪਾਣੀ ਦਾਖ਼ਲ ਹੋ ਚੁੱਕਿਆ ਹੈ,ਜਿਨ੍ਹਾਂ ਵਿਚੋਂ ਛੇ ਪਿੰਡ ਪਾਣੀ ਵਿੱਚ ਘਿਰ ਗਏ ਹਨ।